Saturday, 2 August 2014

ਨਵੇਂ ਜੰਮੇ ਪੰਜਾਬੀ ਗਾਇਕਾਂ/ਗੀਤਕਾਰਾਂ ਦੇ ਨਾਮ ਖੁੱਲੀ ਚਿਠੀ !!

ਨਵੇਂ ਜੰਮੇ ਪੰਜਾਬੀ ਗਾਇਕਾਂ/ਗੀਤਕਾਰਾਂ  ਦੇ ਨਾਮ ਖੁੱਲੀ ਚਿਠੀ :

ਅੱਜ ਕਲ ਦੇ ਨਵੇਂ ਜੰਮੇ ਗਾਇਕਾਂ / ਗੀਤਕਾਰਾਂ ਦੇ ਨਾਮ ਇਹ ਚਿਠੀ ਮੈਂ ਪੰਜਾਬ ਦੀਆਂ ਓਹਨਾਂ ਕੁੜੀਆਂ ਵਲੋਂ ਲਿਖ ਰਿਹਾ ਹਾਂ ਜੇਹੜੀਆਂ ਘਰ ਤੋਂ ਕਾਲੇਜ ਪੜ੍ਹਨ ਲਈ ਜਾਂਦੀਆਂ ਹਨ |
ਇਹ ਚਿਠੀ ਪੰਜਾਬੀ ਮਾਂ ਬੋਲੀ ਦਾ ਵਾਸਤਾ ਆ ਜਿਹਨੂੰ  ਹਰ ਰੋਜ਼ ਚੰਡੀਗੜ੍ਹ ਦੇ ਸੈਕਟਰ ੧੭ ਵਿਚ ਬੇਇਜ਼ਤ ਕੀਤਾ ਜਾਂਦਾ |
ਇਹ ਓਸ ਪਿਓ ਦਾ ਵਾਸਤਾ ਜੇਹਨੇ ਆਪਣੀ ਮਿਹਨਤ ਨਾਲ ਆਪਣੀ ਧੀ ਨੂੰ ਚੰਗੇ ਸਕੂਲ /ਕਾਲੇਜ ਵਿਚ ਪੜ੍ਹਾਇਆ ਯਾ ਪੜਾ ਰਿਹਾ |

ਕਿਸੇ ਕੁੜੀ ਦੇ ਮਹਿੰਗੇ ਕਪੜਿਆਂ ਤੋਂ ਆਪਣੀ ਸੋਚ ਦੀ ਓਕਾਤ ਦਿਖਾਣ ਵਾਲਿਆਂ ਨੂੰ ਇਹ ਅਪੀਲ ਆ ਕੇ , ਨੌਜਵਾਨਾਂ ਨੂੰ ਗਲਤ ਰਾਹੇ ਪਾ ਕੇ , ਅੱਜ ਦੀਆਂ ਹਾਲਾਤਾਂ ਤੋ ਮੁਖ ਨਾ ਮੋੜੋ |
ਗਾਣਾ ਸੁਣਿਆ "ਫੋਰਡ vs  ਫੋਰਡ" , ਗੀਤਕਾਰ ਨੂੰ ਇਸੇ ਗੱਲ ਦਾ ਦੁਖ ਆ ਕੇ ਕੁੜੀ ਫੋਰਡ ਦੀ ਗੱਡੀ ਲੈ ਕੇ ਘੁੰਮ ਰਹੀ ਹੈ ਤੇ ਓਹਦੇ ਕੋਲ ਟੁਟਿਆ ਜੇਹਾ ਫੋਰਡ ਟ੍ਰੈਕਟਰ ਹੈ |
ਵੀਡੀਓ ਦੇਖ ਕੇ ਲਗਦਾ ਹੈ ਕੇ ਪੰਜਾਬੀ ਮੁੰਡਿਆਂ ਨੂੰ ਦੋ ਹੀ ਕੰਮ ਨੇ ਪਹਿਲਾ ਕੁੜੀਆਂ ਪਿਛੇ ਘੁਮਣਾ ਦੂਜਾ ਖੇਤਾਂ ਵਿਚ ਟ੍ਰੈਕਟਰ ਲੈ ਕੇ ਘੁਮਣਾ |

ਹੁਣ ਜਿਹਨਾਂ ਕੋਲ ਜਮੀਨਾਂ ਹੀ ਨਹੀਂ  ਬਚੀਆਂ ਓਹ ਤਾਂ ਕੁੜੀਆਂ ਪਿਛੇ ਹੀ ਘੁਮਦੇ ਰਹਿੰਦੇ ਨੇ |

ਇੱਕ ਹੋਰ ਆ "ਲੂਕ ਵੇਖੀਂ ਜੱਟ ਦੀ" , ਗੀਤਕਾਰ ਨੇ ਆਪਣੇ ਦਿਲ ਦੀ ਚੰਗੀ ਤਰਾਂ ਭੜਾਸ ਕਢੀ ਹੋਈ ਆ , ਇਸਦੇ ਵੀਡੀਓ ਤੇ ਚੱਲੀਏ ਤਾਂ ਕੁੜੀਆਂ ਸਿਰਫ ਗੱਡੀ ਦੇਖ ਕੇ ਹੀ ਸਭ ਕੁਝ ਭੁੱਲ ਭੁਲਾ ਕੇ ਇਹਨਾਂ ਦੇ ਨਾਲ ਤੁਰ ਪੈਣਗੀਆਂ |

ਕਦੇ ਕਾਲੇਜ ਵਿਚ ਮੁੰਡਿਆਂ ਨੂੰ ਲੜਾਉਣ ਤੇ ਕਦੇ ਬਾਹਰ ਘੁਮਣ ਤੋਂ ਬਿਨਾਂ ਹੋਰ ਕੋਈ ਕੰਮ ਨਹੀ ਰਹਿ ਗਿਆ |

ਇੱਕ ਨਾਮੀ ਗਾਇਕ ਨੇ ਗੀਤ ਗਾ ਦਿੱਤਾ " ਭਾਈ ਬੇਨਤੀ ਕੀਤੀ ਜਾਂਦੀ ਹੈ , ਕੁੜੀ ਤੋਂ ਬਚੋ " ਇਸਦੇ ਕਥਨ ਮੁਤਾਬਿਕ ਸ਼ਹਿਰ ਜਾਣ ਵਾਲੀ ਹਰ ਕੁੜੀ ਦਾ ਚਰਿੱਤਰ ਠੀਕ ਨੀ |
ਇਸ ਤਰਾਂ ਦੀ ਗਾਇਕੀ ਨੇ ਪੰਜਾਬ ਵਿਚ ਕੁੜੀ ਮਾਰ ਲਹਿਰ ਨੂੰ ਹੋਰ ਵਧਾਉਣ ਵਿਚ ਕੋਈ ਕਸਰ ਨੀ ਰਖੀ |
ਗੀਤਕਾਰ ਦੀ ਆਪਣੀ ਭੈਣ ਸ਼ਹਿਰ ਜਾਂਦੀ ਹੈ ਯਾ ਨਹੀ ਏਹਦੇ ਬਾਰੇ ਫੈਸਲਾ ਲੋਕਾਂ ਨੇ ਆਪ ਹੀ ਕਰ ਲੈਣਾ |

ਇੱਕ ਗੀਤਕਾਰ ਦੀ ਇੰਟਰਵਿਯੂ ਆਈ ਨਾਮੀ ਚੈਨਲ ਨੇ ਦਿਖਾਈ , ਦਰਸ਼ਕ ਵੀਰ ਨੇ ਸਵਾਲ ਕੀਤਾ ਕੇ ਤੁਸੀਂ ਗਾਣਾ ਗਾਇਆ " ਚਾਰ ਬੋਤਲ ਵੋਦਕਾ ਕੰਮ ਮੇਰਾ ਰੋਜ ਕਾ |"
ਨਾ ਤਾਂ ਇਹ ਪੰਜਾਬੀ ਗੀਤ ਆ , ਨਾ ਹੀ ਇਹ ਕੋਈ ਚੰਗੀ ਗੱਲ ਸਿਖਾ ਰਿਹਾ ਹੈ , ਓਸ ਗੀਤਕਾਰ / ਗਾਇਕ ਨੇ ਲੋਕਾਂ ਬੈਠੇ ਹੋਣ ਦੀ ਸ਼ਰਮ ਵੀ ਨਹੀ ਕੀਤੀ , ਆਪਣੀ ਗਲਤੀ ਨਹੀ ਮੰਨੀ ਸਗੋਂ ਪੁਰਾਣੇ ਜਮਾਨੇ ਦਾ ਇੱਕ ਹੋਰ ਭੱਦਾ ਜਿਹਾ ਗਾਣਾ ਸੁਣਾ ਕੇ ਦਰਸ਼ਕ ਵੀਰ ਨੂੰ ਵੀ ਸ਼ਰਮਸਾਰ ਕਰ ਦਿੱਤਾ |

ਇੱਕ ਹੋਰ ਗਾਇਕ ਵੀਰ ਨੇ ਮਿਰਜਾ ਗਾਇਆ ਹੁਣ ਦਾ ਮਿਰਜ਼ਾ ਸਾਹਿਬਾਂ ਦੇ ਭਰਾਵਾਂ ਨੂੰ ਮਾਰ ਦਿੰਦਾ ਹੈ , ਏਹੋ ਜੇਹੀ ਪੇਸ਼ਕਾਰੀ ਦੇ ਨਾਲ ਇਹ ਦੱਸਣਾ ਚਾਹੁੰਦਾ ਹੈ ਕਿ ਜਮਾਨਾ ਬਦਲ ਗਿਆ , ਪਰ ਇਸ ਸਭ ਦੇ ਚੱਕਰ ਵਿਚ ਪੰਜਾਬੀ ਮਾਂ ਬੋਲੀ ਦੀ ਇੱਕ ਸ਼ਾਹਕਾਰ ਰਚਨਾ ਦੀ ਮਿੱਟੀ ਪੁੱਟ ਗਿਆ |

"ਨੀ ਤੂੰ ਪਾ ਕੇ ਅਰਮਾਨੀ ਫਿਰੇ ਮੇਲਦੀ , ਸਾਡੇ ਲਈ ਅਰਮਾਨੀ ਅਰਮਾਨ ਏ ."  ਵਰਗੇ ਗੀਤਾਂ ਵਿਚ ਕੁੜੀਆਂ ਨੂੰ ਮੇਹ੍ਣੇਬਾਜ਼ੀ ਤੋਂ ਵਧ ਹੋਰ ਕੁਝ ਨਹੀ ਮਿਲਦਾ , ਕੀ ਹੋ ਗਿਆ ਜੇਕਰ ਕਿਸੇ ਕੁੜੀ ਦੇ ਪਿਓ ਨੇ ਆਪਣੀ ਜੀਵਨ ਭਰ ਦੀ ਕਮਾਈ ਨਾਲ ਓਹਦੇ ਸ਼ੋਂਕ ਪੂਰੇ ਕਰ ਦਿੱਤੇ , ਤੁਸੀਂ ਵੀ ਕਮਾਓ ਤੇ ਚੰਗਾ ਪਾਓ, ਚੰਗਾ ਖਾਓ , ਪਰ ਤੁਹਾਨੂੰ ਤਾਂ ਨੌਕਰੀ ਹੀ ਨੀ ਮਿਲਦੀ , ੧੨ ਆਪ ਨੀ ਪੜ੍ਹਨੀਆਂ , ਜੇਕਰ BA ਕਰ ਵੀ ਗਏ ਤਾਂ ਡਿਗ ਢੇਹ ਕੇ ਜਿਸਨੂੰ ਕੋਈ ਨਾ ਪੁਛੇ .
ਮਨ ਦੀ ਭੜਾਸ ਬਾਸ ਕੁੜੀ ਨੂ ਮੇਹਣੇ ਦੇ ਕੇ ਕਢੋ |
ਦੋ ਲਾਈਨਾਂ ਜੋੜ ਲਾਓ ਤਾਂ ਗੀਤਕਾਰ / ਦੋ ਲਾਈਨਾਂ ਗਾ ਲਾਓ ਤੇ ਗਾਇਕ , ਪੜ੍ਹਨਾਂ ਸਾਡੇ ਵੱਸ ਦੀ ਗੱਲ ਨਹੀ |
ਜੋ ਚਲਦਾ ਓਹੋ ਹੀ ਬਣਾਓ ਤੇ ਆਪਣੇ ਪੈਸੇ ਕਮਾਓ , ਕਿਸੇ ਦੀ ਮਾਂ ,ਧੀ , ਭੈਣ ਤੋਂ ਸਾਨੂੰ ਕੀ ਲੈਣਾਂ |

ਬਾਕੀ ਮੈਂ ਅਜੇ ਦਰਦ ਭਰੇ ਗੀਤਾਂ ਦਾ ਜਿਕਰ ਕਰਨ ਤੋਂ ਸੰਕੋਚ ਕਰ ਰਿਹਾਂ|

ਗੀਤਾਂ ਵਿਚੋਂ ਗੀਤ ਗਾਇਬ ਹੈ , ਮੇਹ੍ਣੇਬਾਜ਼ੀ ਤੇ ਅਸ਼੍ਲੀਲਤਾ ਜਿਆਦਾ ਹੈ , ਗੀਤਕਾਰ / ਗਾਇਕ ਸਿਰਫ ਇਹ ਕਹਿ ਕੇ ਆਪਣੀ ਜਿਮੇਵਾਰੀ ਤੋਂ ਸੁਰਖਰੂ ਨਹੀ ਹੋ ਸਕਦੇ ਕੇ ਫੈਸਲਾ ਲੋਕਾਂ ਨੇ ਕਰਨਾ ਹੈ |
ਤੁਸੀਂ ਪੰਜਾਬੀ ਗਾਣਿਆਂ ਦੇ ਵਿਚ "ਯੋ ਯੋ " ," ਆਈ ਕੈੰਟ ਅਫ੍ਫੋਰਡ " ਵਰਗੇ ਅੰਗ੍ਰੇਜੀ ਦੀ ਘੁਸਪੈਠ ਕਰਵਾ ਕੇ ਪੰਜਾਬੀ ਦਾ ਘਾਣ ਕਰਨ ਤੋਂ ਬਿਨਾ ਕੁਝ ਨੀ ਕੀਤਾ |
ਗੀਤਕਾਰੀ /ਗਾਇਕੀ  ਸਿਰਫ ਆਸ਼ਿਕ਼ੀ ਤੋਂ ਜਨਮ ਨਹੀਂ ਲੈਂਦੀ , ਗੀਤਕਾਰੀ / ਗਾਇਕੀ ਅੱਜ ਦੇ ਹਾਲਾਤਾਂ ਨੂੰ ਦਿਖਾਂਦੀ ਹੋਵੇ ਤਾਂ ਸਰਕਾਰਾਂ ਨੂੰ ਵੀ  ਕੰਨ ਹੋ ਜਾਣਗੇ | ਤੁਹਾਨੂੰ ਇੱਕ ਫੋਰਡ ਵਿਚ ਬੈਠੀ ਕੁੜੀ ਤਾਂ ਦਿਸ ਜਾਂਦੀ ਹੈ , ਲੈੰਡ ਰੋਵਰ ਤੇ ਲਾਲ ਬੱਤੀ ਵਿਚ ਘੁੰਮਦਾ ਨਸ਼ਾ ਨਹੀ ਦਿਸਦਾ ਜਿਸਨੇ ਪੰਜਾਬ ਵਿਚ ਜਵਾਨੀ ਨੂ ਖਾਤਮੇ ਦੀ ਕਗਾਰ ਉੱਤੇ ਖੜਾ ਕਰ ਦਿੱਤਾ ਹੈ |
ਨੌਜਵਾਨ ਵਿਦੇਸ਼ਾਂ ਵਿਚ ਰੁਲਦੇ ਨੇ ਰੋਜ਼ੀ ਦੇ ਲਈ , ਓਹ ਵੀ  ਨਹੀਂ ਦਿਸਦੇ , ਤੁਸੀਂ ਟਾਰਾਂਟੋ , ਲੰਦਨ ਜਾ ਕੇ ਮਹਿੰਗੇ ਸ਼ੋ ਕਰਕੇ ਵਾਪਿਸ ਆਕੇ ਦਸਦੇ ਹੋ ਕੇ ਓਥੇ ਡਾਲਰ ਦਰਖਤਾਂ ਨੂੰ ਲਗਦੇ , ਤੁਹਾਨੂੰ ਮਾਲਟੇ ਨਹੀ ਦਿਸਦੇ , ਤੁਹਾਨੂੰ ਲੰਦਨ ਦੇ ਪੁਲ ਨਹੀ ਦਿਸਦੇ ਜਿਥੇ ਪੰਜਾਬੀ ਨੌਜਵਾਨ ਰਾਤਾਂ ਕਟਦੇ |
ਤੁਹਾਨੂੰ ਹਰ ਰੋਜ਼ ਬੇਪੱਤ ਹੁੰਦੀਆਂ ਕੁੜੀਆਂ ਨਹੀ ਦਿਸਦੀਆਂ , ਹਰ ਰੋਜ਼ ਵਰਦੀਆਂ ਲਾਠੀਆਂ ਵੀ  ਨਹੀਂ ਦਿਸਦੀਆਂ , ਤੁਸੀਂ ਅਖਾਂ ਉੱਤੇ ਰੇ ਬੈਨ ਲਾ ਕੇ ਸਭ ਕੁਝ ਦੇ ਲਈ ਅੰਨੇ ਬਣ ਜਾਂਦੇ ਹੋ |

ਗੀਤਕਾਰ / ਗਾਇਕ ਓਹੀਓ ਹੈ ਜਿਹੜਾ ਪੰਜਾਬੀ ਸਭਿਆਚਾਰ ਨੂੰ ਵਧਾਉਣ ਵਾਲੇ ਗੀਤ ਲਿਖੇ ਤੇ ਗਾਵੇ|
ਮੰਡੀ ਦੇ ਪ੍ਰਭਾਵ ਵਿਚ ਆ ਕੇ ਗੰਦ ਵੇਚਣ ਵਾਲਿਆਂ ਨੂੰ ਏਹੀਓ ਕਹਿਣਾ ਹੈ ਕੇ , ਜੋ ਬੀਜੋਗੇ ਓਹੀਓ ਵ੍ਡੋਗੇ |

  ਫੈਸਲਾ ਤੁਸੀਂ ਕਰਨਾ ਹੈ |

                                                                                                           ਆਮੀਨ ,
                                                                                                      ਇਕ਼ਬਾਲ ਸਾਕੀ |