Tuesday, 15 October 2013

ਸੂਰਜ ਦੀ ਲਾਲੀ

'ਤੇ ਅੱਜ ਓਹ ਭੁੱਖਾ ਹੀ ਸੋਂ ਗਿਆ ,
ਚੰਨ ਦੀ ਰੋਟੀ ਓਸਨੂੰ ਨਹੀ ਮਿਲੀ |
ਓਸ ਪੁੱਛਿਆ , ਪੂਰੀ ਰੋਟੀ ਕਿਹੋ ਜਿਹੀ ਹੁੰਦੀ ਹੈ ?
ਤਾਂ ਓਸਦੇ ਬਾਪ ਨੇ ਪੁੰਨਿਆਂ ਦੇ ਚੰਨ ਵੱਲ ਇਸ਼ਾਰਾ ਕਰ ਦਿੱਤਾ |

ਅਗਲੇ ਹੀ ਦਿਨ ਤੋਂ ਰੋਟੀ ਦਾ ਆਕਾਰ ਛੋਟਾ ਹੋਣਾ ਸ਼ੁਰੂ ਹੋ ਗਿਆ ,
ਓਸ ਪੁੱਛਿਆ ਕੇ ਰੋਟੀ ਛੋਟੀ ਕਿਓਂ ਹੋ ਰਹੀ ਹੈ ?
ਬਾਪ ਨੇ ਦੱਸਿਆ ਖਾਣ ਵਾਲੇ ਵੱਧ ਰਹੇ ਨੇ |
ਤੇ ਅੱਜ ਉਸਨੂੰ ਰੋਟੀ ਨਹੀ ਮਿਲੀ |

ਮੱਸਿਆ ਦੀ ਰਾਤ ਦਾ ਹਨੇਰਾ ਓਸਦੇ ਦਿਲ ਵਿੱਚ ਉੱਤਰ ਗਿਆ |

ਜਦ ਵੀ ਕਦੇ ਓਸਦੇ ਬਾਪ ਨੂੰ ਦਿਹਾੜੀ ਨਹੀਂ ਮਿਲਦੀ ਸੀ ,
ਓਹ ਚੰਨ ਦੀ ਰੋਟੀ ਖਾ ਕੇ , ਤੇ ਤਾਰਿਆਂ ਨਾਲ ਗੱਲਾਂ ਕਰ ਕੇ ਸੋ ਜਾਂਦਾ ,

ਤੇ ਅੱਜ ਤਾਂ ਮੱਸਿਆ ਸੀ ,
'ਤੇ ਅੱਜ ਓਹ ਭੁੱਖਾ ਹੀ ਸੋ ਗਿਆ |

----------------------------------

ਮੱਸਿਆ ਚਲੀ ਗਈ , ਪੁੰਨਿਆਂ ਨੇੜੇ ਹੈ |
ਹੁਣ ਓਸਨੂੰ ਨਵਾਂ ਸ਼ੋਂਕ ਜਾਗ ਗਿਆ ਹੈ ,
ਸੂਰਜ ਨੂੰ ਚੜ੍ਹਦਿਆਂ ਤੇ ਛਿਪਦਿਆਂ  ਦੇਖਣਾ ,
ਓਸਦਾ ਰੋਜ਼ ਦਾ ਕੰਮ ਹੈ |

"ਸੂਰਜ ਦੀ ਲਾਲੀ " ਉਸਦੀਆਂ ਅੱਖਾਂ 'ਚ ਉੱਤਰ ਆਈ ਹੈ ,
ਓਹ "ਲਾਲ ਸਲਾਮ" ਦੀਆਂ ਗੱਲਾਂ ਕਰਦਾ ਹੈ |

ਓਹ ਕਹਿੰਦਾ ਹੈ ਕਿ ਮੱਸਿਆ ਖ਼ਤਮ ਹੋਣ ਵਾਲੀ ਹੈ ,
ਸੂਰਜ ਚੜ੍ਹਨ ਵਾਲਾ ਹੈ ,

ਫ਼ਿਰ ਰੋਟੀ ਦਾ ਆਕਾਰ ਚੰਨ ਦੀ ਤਰਾਂ ਬਦਲੇਗਾ ਨਹੀ |

                                                                       ~~ਇਕ਼ਬਾਲ ਸਾਕੀ

2 comments: